ਫਤਿਹਗੜ੍ਹ ਸਾਹਿਬ, 9 ਸਤੰਬਰ (ਸਤਨਾਮ ਚੌਹਾਨ) ਪੱਤਰਕਾਰ ਅਮਰਬੀਰ ਸਿੰਘ ਚੀਮਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਸੜ ਜੀ (ਭੈਣ ਦੇ ਸਹੁਰਾ ਸਾਹਿਬ) ਤਰਲੋਕ ਸਿੰਘ ਸੰਧੂ ਦੀ ਬੀਤੇ ਦਿਨੀਂ ਲੀਵਰ ਦੀ ਇਨਫੈਕਸ਼ਨ ਕਾਰਨ ਇੰਗਲੈਂਡ ਵਿਖੇ ਮੌਤ ਹੋ ਗਈ। ਪਿੰਡ ਦੇ ਲੰਬੜਦਾਰ ਤੇ ਉੱਘੇ ਸਮਾਜਸੇਵੀ ਤਰਲੋਕ ਸਿੰਘ ਸੰਧੂ 80 ਵਰ੍ਹਿਆਂ ਦੇ ਸਨ ਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੇਟੇ ਤੇ 1 ਬੇਟੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਸ. ਸੰਧੂ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਸਮੇਤ ਆਪਣੇ ਛੋਟੇ ਬੇਟੇ ਕੋਲ ਇੰਗਲੈਂਡ ਵਿਖੇ ਰਹਿ ਰਹੇ ਸਨ ਤੇ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਪਿੰਡ ਤੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਵੱਡਾ ਬੇਟਾ ਆਪਣੇ ਪਰਿਵਾਰ ਸਮੇਤ ਸਪੇਨ ਅਤੇ ਬੇਟੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿਖੇ ਰਹਿ ਰਹੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਆਉਂਦੇ ਦਿਨਾਂ 'ਚ ਇੰਗਲੈਂਡ ਵਿਖੇ ਹੀ ਕੀਤਾ ਜਾਵੇਗਾ।