ਸ਼ਹੀਦ ਊਧਮ ਸਿੰਘ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ

ਫ਼ਤਹਿਗੜ੍ਹ ਸਾਹਿਬ, 26 ਦਸੰਬਰ (ਸਤਨਾਮ ਚੌਹਾਨ)
ਆਜ਼ਾਦੀ ਲਈ ਸ਼ਹੀਦੀਆਂ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਸ਼ਹੀਦਾਂ ਵੱਲੋਂ ਵਿਖਾਏ ਮਾਰਗ 'ਤੇ ਚੱਲ ਕੇ ਹੀ ਆਪਸੀ ਸਾਂਝ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲੀਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਰੋਜ਼ਾ ਸ਼ਰੀਫ ਨਜ਼ਦੀਕ, ਉਨ੍ਹਾਂ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ।
ਐਸ.ਐਸ.ਪੀ. ਨੇ ਕਿਹਾ ਕਿ ਮਹਾਨ ਹਨ ਉਹ ਮਾਵਾਂ ਜਿਨ੍ਹਾਂ ਨੇ ਅਜਿਹੇ ਯੋਧਿਆਂ ਨੂੰ ਜਨਮ ਦਿੱਤਾ ਅਤੇ ਇਨ੍ਹਾਂ ਮਹਾਨ ਯੋਧਿਆਂ ਵੱਲੋਂ ਪਾਏ ਗਏ ਪੂਰਨੇ ਸਾਡੀ ਨੌਜਵਾਨ ਪੀੜ੍ਹੀ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਉਹ ਬਹਾਦਰ ਸੂਰਮੇ ਸਨ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਸ਼ਹੀਦਾਂ ਦੇ ਵਿਖਾਏ ਰਸਤੇ 'ਤੇ ਚੱਲ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰੀਏ।
ਸ਼੍ਰੀਮਤੀ ਕੌਂਡਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਮਹਾਨ ਸ਼ਹੀਦਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਈਏ ਤਾਂ ਜੋ ਸਾਡੇ ਨੌਜਵਾਨ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਇੱਕ ਅਜਿਹਾ ਦੇਸ਼ ਹੈ ਜਿਥੇ ਕਿ ਵੱਖ-ਵੱਖ ਧਰਮਾਂ ਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਪ੍ਰੰਤੂ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ 'ਤੇ ਕੋਈ ਭੀੜ ਪਈ ਤਾਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਦੁਸ਼ਮਣ ਦਾ ਟਾਕਰਾ ਕੀਤਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਇਹ ਵੀ ਕਿਹਾ ਕਿ ਪੰਜਾਬੀ ਹਮੇਸ਼ਾਂ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਰਹੇ ਹਨ ਅਤੇ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਹ ਸਾਡੇ ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਹੀ ਦੇਣ ਹੈ। ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਦੇਸ਼ ਭਗਤਾਂ ਨੂੰ ਹਮੇਸ਼ਾਂ ਯਾਦ ਰੱਖਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਏਕਤਾ ਦੇ ਸੰਦੇਸ਼ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਈਏ।
ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਜਸਪ੍ਰੀਤ ਸਿੰਘ, ਐਸ.ਪੀ. ਹਰਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Comments

Popular posts from this blog

ਮੈਡੀਕਲ ਕੈਂਪਾਂ ਦਾ ਆਯੋਜਨ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦਾ : ਰਾਏ

ਰਾਈਸ ਮਿਲਰਜ ਐਸੋਸੀਏਸ਼ਨ ਸਰਹਿੰਦ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆੜਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ