ਕੋਵਿਡ-19 ਦੇ ਚਲਦਿਆਂ ਸਾਦਗੀ ਨਾਲ ਮਨਾਇਆ ਜਾਵੇਗਾ ਆਜ਼ਾਦੀ ਦਿਵਸ : ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ 08 ਅਗਸਤ (ਸਤਨਾਮ ਚੌਹਾਨ)
ਕੋਵਿਡ-19 ਦੇ ਚਲਦਿਆਂ ਇਸ ਵਾਰ ਆਜ਼ਾਦੀ ਦਿਵਸ ਖੇਡ ਸਟੇਡੀਅਮ ਸਰਹਿੰਦ ਵਿਖੇ ਸਾਦਗੀ ਨਾਲ ਮਨਾਇਆ ਜਾਵੇਗਾ ਅਤੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਮੇਤ ਸਿਰਫ 50 ਵਿਅਕਤੀ ਹੀ ਸ਼ਾਮਲ ਹੋਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਖੇਡ ਸਟੇਡੀਅਮ ਸਰਹਿੰਦ ਵਿਖੇ ਆਜ਼ਾਦੀ ਦਿਵਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਖੇਡ ਸਟੇਡੀਅਮ ਸਰਹਿੰਦ ਵਿਖੇ ਮਨਾਏ ਜਾਣ ਵਾਲੇ ਆਜਾਦੀ ਦਿਵਸ ਸਮਾਗਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮੋਹਿੰਦਰਾ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਇਸ ਸਮਾਗਮ ਵਿੱਚ ਨਾ ਪਰੇਡ ਹੋਵੇਗੀ, ਨਾ ਹੀ ਮਾਰਚ ਪਾਸਟ ਹੋਵੇਗਾ ਤੇ ਨਾ ਹੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਇਸ ਜਿ਼ਲ੍ਹਾ ਪੱਧਰੀ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਕੋਵਿਡ-19 ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਪੰਜ ਕੋਰੋਨਾ ਯੋਧਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਆਜ਼ਾਦੀ ਦਿਵਸ ਸਮਾਗਮ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਵਿਭਾਗਾਂ ਦਾ ਸਮਾਗਮ ਵਿੱਚ ਕੋਈ ਕੰਮ ਨਹੀਂ ਹੈ ਉਹ ਇਸ ਸਮਾਗਮ ਵਿੱਚ ਆਉਣ ਤੋਂ ਗੁਰੇਜ ਕਰਨ ਤਾਂ ਜੋ ਸਮਾਗਮ ਵਿੱਚ ਬੇਲੋੜਾ ਇਕੱਠ ਨਾ ਹੋਵੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਗਮ ਵੇਖਣ ਲਈ ਸਟੇਡੀਅਮ ਵਿੱਚ ਆਉਣ ਦੀ ਥਾਂ ਆਪਣੇ ਘਰਾਂ ਵਿੱਚ ਹੀ ਟੀ.ਵੀ. ਰਾਹੀਂ ਆਜ਼ਾਦੀ ਦਿਵਸ ਸਮਾਗਮ ਦਾ ਆਨੰਦ ਉਠਾਉਣ।
Comments
Post a Comment