ਸਕੂਲ ਪ੍ਰਬੰਧਕ ਬੱਚਿਆਂ ਦੇ ਵਾਹਨਾਂ ਨੂੰ ਖੁਦ ਚੈੱਕ ਕਰਨ,ਸ਼ਰਤਾ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਤੇ ਉਨਾਂ ਦੇ ਮਾਲਕਾਂ ਵਿਰੁੱਧ ਹੋਵੇਗੀ ਕਾਰਵਾਈ
ਫਰੀਦਕੋਟ 17 ਫਰਵਰੀ (ਸਤਨਾਮ ਚੌਹਾਨ) ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਲ੍ਹੇ ਦੇ ਸਮੂਹ ਸਕੂਲਾਂ ਦੇ ਮੁੱਖੀਆਂ, ਪ੍ਰਬੰਧਕਾਂ ਅਤੇ ਸਕੂਲਾਂ ਕਾਲਜਾਂ ਵਿਚ ਪੜ ਰਹੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲਾਂ ਜਾਂ ਹੋਰ ਸਿੱਖਿਆ ਸੰਸਥਾਵਾਂ ਵਿੱਚ ਬੱਚਿਆਂ ਨੂੰ ਲਿਜਾਣ ਵਾਲੇ ਸਕੂਲੀ ਵਾਹਨਾਂ, ਆਟੋ, ਰਿਕਸ਼ਾ ਆਦਿ ਨੂੰ ਨਿੱਜੀ ਤੌਰ ਤੇ ਚੈੱਕ ਕਰਨ ਕਿ ਇਹ ਵਾਹਨ ਉਨਾ ਦੇ ਬੱਚਿਆਂ ਲਈ ਪੂਰੀ ਤਰਾ ਸੁਰੱਖਿਅਤ ਹਨ ਕਿ ਨਹੀਂ।
ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਸੰਗਰੂਰ ਵਿਖੇ ਇਕ ਸਕੂਲ ਵੈਨ ਨੂੰ ਅੱਗ ਲੱਗਣ ਦੀ ਬਹੁਤ ਹੀ ਮੰਦਭਾਗੀ ਅਤੇ ਦੁੱਖਦਾਈ ਘਟਨਾ ਵਾਪਰੀ ਹੈ ਜਿਸ ਨਾਲ ਕਿ 4 ਘਰਾਂ ਦੇ ਚਿਰਾਗ ਬੁੱਝ ਗਏ ਹਨ। ਉਨਾ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਵੈਨ ਸੁਰੱਖਿਆ ਸਬੰਧੀ ਨਿਯਮ ਪੂਰੇ ਨਹੀਂ ਕਰਦੀ ਸੀ ਅਤੇ ਗੈਸ ਨਾਲ ਚੱਲ ਰਹੀ ਸੀ ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ।
ਉਨਾ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਤਰਾ ਦੀਆਂ ਦੁੱਖਦਾਈ ਘਟਨਾਵਾਂ ਨਾ ਵਾਪਰਨ ਸਬੰਧੀ ਪੂਰੀ ਤਰਾ ਗੰਭੀਰ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਰਾਂਸਪੋਰਟ ਵਿਭਾਗ, ਪੁਲਿਸ ਤੇ ਸੁਰੱਖਿਆ ਵਿਭਾਗਾ ਨੂੰ ਇਸ ਸਬੰਧੀ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਨਾ ਕਿਹਾ ਕਿ ਸਕੂਲਾਂ ਦੇ ਪ੍ਰਿਸੀਪਲਾਂ, ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਖੁਦ ਵੀ ਇਹ ਚੈੱਕ ਕਰਨ ਕਿ ਉਨਾ ਦੇ ਬੱਚੇ ਸਕੂਲ ਲਿਜਾਣ ਵਾਲੀ ਵੈਨ ਆਦਿ ਸਰਕਾਰ ਦੇ ਰੋਡ ਸੇਫਟੀ ਸਬੰਧੀ ਨਿਯਮ ਪੂਰੇ ਕਰਦੀ ਹੈ ਤਾਂ ਜੋ ਉਨਾ ਦੇ ਬੱਚੇ ਇਨਾ ਵਾਹਨਾਂ ਵਿੱਚ ਪੂਰੀ ਤਰਾ ਸੁਰੱਖਿਅਤ ਹੋ ਸਕਣ । ਉਨਾ ਅਪੀਲ ਕੀਤੀ ਕਿ ਗੈਰ ਮਿਆਰੀ ਅਤੇ ਸੁਰੱਖਿਆਂ ਨਿਯਮਾਂ ਨੂੰ ਪੂਰੇ ਨਾ ਕਰਨ ਵਾਲੇ ਵਾਹਨਾਂ ਵਿੱਚ ਬੱਚੇ ਬਿਲਕੁਲ ਨਾਲ ਭੇਜੇ ਜਾਣ ਅਤੇ ਇਹ ਜਿੰਮੇਵਾਰੀ ਸਕੂਲ ਪ੍ਰਬੰਧਕਾਂ, ਮਾਪਿਆਂ ਦੀ ਵੀ ਬਣਦੀ ਹੈ ਕਿ ਉਹ ਇਸ ਮਾਮਲੇ ਵਿਚ ਸਰਕਾਰ ਦਾ ਪੂਰਾ ਸਾਥ ਦੇਣ । ਉਨਾ ਕਿਹਾ ਕਿ ਇਸ ਪਿਛੋਂ ਜੇਕਰ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਅਤੇ ਜਿਸ ਨਾਲ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਹੁੰਦਾ ਹੋਵੇ ਅਜਿਹੇ ਵਾਹਨ ਨਹੀਂ ਚੱਲਣ ਦਿੱਤੇ ਜਾਣਗੇ ਅਤੇ ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਅਜਿਹੇ ਵਾਹਨਾਂ ਅਤੇ ਵਾਹਨ ਮਾਲਕਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਵਾਹਨਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਮੰਦਭਾਗੀਆਂ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।
Comments
Post a Comment