ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਲੌਂਗੋਵਾਲ ਦੀ ਦਲੇਰ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰਨ ਦੀ ਕੀਤੀ ਸਿਫਾਰਸ਼
ਸੰਗਰੂਰ, 16 ਫਰਵਰੀ, (ਸਤਨਾਮ ਚੌਹਾਨ)
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਮੁੱਖ ਮੰਤਰੀ ਪੰਜਾਬ ਨੂੰ ਸਿਫਾਰਸ਼ ਕੀਤੀ ਹੈ ਕਿ ਬੀਤੇ ਦਿਨੀ ਲੌਂਗੋਵਾਲ ਵਿਖੇ ਸਕੂਲੀ ਵੈਨ ਨੂੰ ਅੱਗ ਲੱਗਣ ਦੀ ਵਾਪਰੀ ਮੰਦਭਾਗੀ ਘਟਨਾ ਦੌਰਾਨ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਚਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ 14 ਸਾਲਾਂ ਦੀ ਇਸ ਦਲੇਰ ਬੱਚੀ ਨੇ ਮੁਸੀਬਤ ਦੀ ਉਸ ਘੜੀ ਵਿੱਚ ਨਾ ਕੇਵਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਬਲਕਿ ਜਬਰਦਸਤ ਅੱਗ ਹੋਣ ਦੇ ਬਾਵਜੂਦ 4 ਬੱਚਿਆਂ ਨੂੰ ਸੜਦੀ ਵੈਨ ਵਿੱਚੋਂ ਬਾਹਰ ਕੱਢ ਕੇ ਬਹਾਦਰੀ ਦਾ ਕਾਰਜ ਕੀਤਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਸਿਫ਼ਾਰਿਸ਼ ਕੀਤੀ ਗਈ ਹੈ ਤਾਂ ਜੋ ਇਸ ਬੱਚੀ ਦੀ ਹੌਂਸਲਾ ਅਫਜਾਈ ਹੋ ਸਕੇ।
Comments
Post a Comment