ਬਾਲ ਭਲਾਈ ਕਮੇਟੀ ਨੂੰ ਗੁੰਮਸ਼ੁਦਾ ਬੱਚਾ ਮਿਲਿਆ
ਫਤਿਹਗੜ੍ਹ ਸਾਹਿਬ, 14 ਅਗਸਤ ( ਸਤਨਾਮ ਚੌਹਾਨ, ਕੁਲਦੀਪ ਬਾਲਪੁਰ)- ਬਾਲ ਭਲਾਈ ਕਮੇਟੀ ਫਤਿਹਗੜ੍ਹ ਸਾਹਿਬ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਪੌੜੀਆਂ ਕੋਲੋਂ ਇੱਕ ਢਾਈ ਕੁ ਸਾਲ ਦਾ ਲੜਕਾ ਮਿਲਿਆ ਹੈ। ਬਾਲ ਭਲਾਈ ਕਮੇਟੀ ਦੇ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਨੇ ਦੱਸਿਆ ਕਿ ਕਮੇਟੀ ਮੈਂਬਰ ਨਮਰਤਾ ਸ਼ਰਮਾ ਨੂੰ ਖਬਰ ਮਿਲੀ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਪੌੜੀਆਂ ਦੇ ਉੱਪਰ ਕੋਈ ਔਰਤ ਆਪਣੇ ਢਾਈ ਸਾਲ ਦੇ ਲੜਕੇ ਨੂੰ ਛੱਡ ਕੇ ਚਲੀ ਗਈ ਹੈ। ਇਸ ਤੇ ਤੁਰੰਤ ਐਕਸ਼ਨ ਕਰਦਿਆਂ ਕਮੇਟੀ ਨੇ ਜਾ ਕੇ ਬੱਚੇ ਨੂੰ ਸੰਭਾਲਿਆ ਅਤੇ ਉਸ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਬੱਚੇ ਨੇ ਹਰੇ ਰੰਗ ਦੀ ਨਿੱਕਰ ਅਤੇ ਘਸਮੈਲੀ ਜਿਹੀ ਕਮੀਜ਼ ਪਾਈ ਹੋਈ ਸੀ। ਲੜਕੇ ਦਾ ਰੰਗ ਕਣਕਵੰਨਾ ਅਤੇ ਸਿਰ ਤੋਂ ਮੋਨਾ ਹੈ। ਬੱਚੇ ਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਉਸ ਨੂੰ ਚਿਲਡਰਨ ਹੋਮ ਵਿੱਚ ਘੱਲ ਦਿੱਤਾ ਗਿਆ ਹੈ। ਬੱਚੇ ਸਬੰਧੀ ਕੋਈ ਵੀ ਸੂਚਨਾ ਪ੍ਰਾਪਤ ਕਰਨ ਲਈ ਉਸ ਦੇ ਮਾਪੇ ਬਾਲ ਭਲਾਈ ਕਮੇਟੀ ਦੇ ਦਫਤਰ ਅੰਬੇਦਕਰ ਭਵਨ ਫਤਿਹਗੜ੍ਹ ਸਾਹਿਬ ਸੰਪਰਕ ਕਰ ਸਕਦੇ ਹਨ ਜਾਂ ਬਾਲ ਸੁਰੱਖਿਆ ਦਫਤਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪਤਾ ਕਰ ਸਕਦੇ ਹਨ।
Comments
Post a Comment